ਅਕਾਲੀ ਵਿਧਾਇਕ ਝੁੰਜਣੇ ਵਜਾਉਂਦੇ ਹੋਏ ਪੁੱਜੇ ਵਿਧਾਨਸਭਾ
ਪੰਜਾਬ ਵਿਧਾਨਸਭਾ ਦਾ ਦੋ ਰੋਜ਼ਾ ਸੈਸ਼ਨ ਸ਼ੁਰੂ | ਰਾਜਪਾਲ ਦੇ ਭਾਸ਼ਣ ਤੋਂ ਪਹਿਲਾਂ ਹੀ ਕਾਪੀ ਨੂੰ ਕੀਤਾ ਜਨਤਕ
ਚੰਡੀਗੜ੍ਹ। ਪੰਜਾਬ ਵਿਧਾਨਸਭਾ ਦਾ ਦੋ ਰੋਜ਼ਾ ਇਜਲਾਸ ਵੀਰਵਾਰ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੁਰਖੀਆਂ ਵਿਚ ਆ ਗਿਆ। ਅਕਾਲੀ ਦਲ ਦੇ ਵਿਧਾਇਕ ਸਾਬਕਾ ਮੰਤਰੀ ਬਿਕਰਮਜੀਤ ਮਜੀਠੀਆ ਦੀ ਅਗਵਾਈ ਹੇਠ ਝੁੰਜਣੇ ਵਜਾਉਂਦੇ ਹੋਏ ਵਿਧਾਨਸਭਾ ਵਿੱਚ ਦਾਖਲ ਹੋਏ ਅਤੇ ਮੇਨ ਗੇਟ ਮੂਹਰੇ ਸਰਕਾਰ ਵਿਰੋਧੀ ਨਾਰੇਬਾਜੀ ਸ਼ੁਰੂ ਕਰ ਦਿੱਤੀ। ਅਕਾਲੀ ਵਿਧਾਇਕ ਐਨਕੇ ਸ਼ਰਮਾ ਨੇ ਕਿਹਾ ਸਰਕਾਰ ਆਪਣੇ ਹਰ ਇਕ ਵਾਅਦੇ ਤੋਂ ਪਿੱਛੇ ਹਟ ਰਹੀ ਹੈ। ਅੱਜ ਤਕ ਨਾਂ ਤਾਂ ਹਰ ਘਰ ਰੁਜਗਾਰ ਮਿਲਿਆ ਹੈ, ਅਤੇ ਨਾ ਹੀ ਸ਼ਗਨ ਸਕੀਮ ਦੀ ਰਾਸ਼ੀ ਮਿਲੀ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਬਿਜਲੀ ਦੇ ਬਿਲਾਂ ਚ ਵਾਧਾ ਕਰ ਰਹੀ ਹੈ। ਇਸ ਹੰਗਾਮੇ ਦੌਰਾਨ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਆਪਣੇ ਹੱਥ ਵਿਚ ਰਾਜਪਾਲ ਵੀ ਪੀ ਸਿੰਘ ਬਦਨੋਰ ਵੱਲੋਂ ਦਿੱਤੇ ਜਾਣ ਵਾਲੇ ਕਥਿਤ ਭਾਸ਼ਣ ਦੀ ਕਾਪੀ ਚੁੱਕ ਲੈ ਆਏ ਅਤੇ ਕਿਹਾ ਕਿ ਸਰਕਾਰ ਜਾਣਬੁਝ ਕੇ ਪੁਰਾਣੀਆਂ ਗੱਲਾਂ ਵਾਲਾ ਭਾਸ਼ਣ ਪੜਵਾ ਰਹੀ ਹੈ। ਰਾਜਪਾਲ ਵਲੋਂ ਸਦਨ ਵਿੱਚ ਆਪਣਾ ਭਾਸ਼ਣ ਦਿਤੇ ਜਾਣ ਤੋਂ ਪਹਿਲਾਂ ਹੀ ਅਕਾਲੀ ਵਿਧਾਇਕਾਂ ਵੱਲੋ ਕਾਪੀਆਂ ਨੂੰ ਜਨਤਕ ਕਰ ਦਿੱਤਾ ਗਿਆ। ਅਕਾਲੀ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸਦਨ ਦੇ ਬਾਹਰ ਜਮ ਕੇ ਹੰਗਾਮਾ ਕੀਤਾ ਅਤੇ ਸਰਕਾਰ ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦੇ ਹੋਏ ਮੁਖਮੰਤਰੀ ਅਮਰਿੰਦਰ ਸਿੰਘ ਤੋਂ ਅਸਤੀਫੇ ਦੀ ਮੰਗ ਕੀਤੀ।