ਬਿਜਲੀ ਬਿਲਾਂ ਦੀ ਮਾਲਾ ਪਾ ਅਮਰਿੰਦਰ ਦਾ ਪੁਤਲਾ ਲੈਕੇ ਵਿਧਾਨਸਭਾ ਪੁੱਜੇ ਆਪ ਵਿਧਾਇਕ
ਪੰਜਾਬ ਵਿਧਾਨਸਭਾ ਵਿਸ਼ੇਸ਼ ਸੈਸ਼ਨ ਦਾ ਦੂਜਾ ਦਿਨ।
ਚੰਡੀਗੜ੍ਹ। ਪੰਜਾਬ ਵਿਧਾਨਸਭਾ ਵਿਚ ਸਪੈਸ਼ਲ ਸੈਸ਼ਨ ਦੇ ਦੂਜੇ ਦਿਨ ਵਿਧਾਨਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਐਮਪੀ ਭਗਵੰਤ ਮਾਨ ਦੀ ਅਗਵਾਈ ਹੇਠ ਇਕੱਠੇ ਹੋਏ ਅਤੇ ਸਰਕਾਰ ਵਿਰੁੱਧ ਜਮਕੇ ਨਾਰੇਬਾਜੀ ਕੀਤੀ।
ਆਪ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੰਕੇਤਕ ਪੁਤਲਾ ਲੈਕੇ ਪੁੱਜੇ। ਇਸ ਪੁਤਲੇ ਨੂੰ ਬਿਜਲੀ ਬਿਲਾਂ ਦੀ ਮਾਲਾ ਪਹਿਨਾ ਕੇ ਵਿਰੋਧ ਕਰਦੇ ਹੋਏ ਆਪ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਬਿਜਲੀ ਦਰਾਂ ਚ ਵਾਧਾ ਕਰ ਰਹੀ ਹੈ। ਪੰਜਾਬ ਸਰਕਾਰ ਅੱਜ ਸਾਰੇ ਚੋਣ ਮੁੱਦੇ ਭੁੱਲ ਚੁਕੀ ਹੈ।
ਇਸ ਹੰਗਾਮੇ ਦੌਰਾਨ ਆਪ ਵਿਧਾਇਕ ਅਮਨ ਅਰੋੜਾ ਅਤੇ ਐਮ ਪੀ ਭਗਵੰਤ ਮਾਨ ਟੇਡੀਬਿਅਰ ਨੂੰ ਅਮਰਿੰਦਰ ਦਾ ਮਖੌਟਾ ਪਾਕੇ ਲੈ ਆਏ ਅਤੇ ਵਿਰੋਧ ਸ਼ੁਰੂ ਕਰ ਦਿੱਤਾ।
ਆਪ ਵਿਧਾਇਕਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਨੋਜਵਾਨ ਬੇਰੁਜਗਾਰੀ ਦਾ ਸ਼ਿਕਾਰ ਹੋਕੇ ਕੁਰਾਹੇ ਪੈ ਰਹੇ ਹਨ। ਕਿਸਾਨ ਆਤਮਹੱਤਿਆ ਕਰ ਰਹੇ ਹਨ ਅਤੇ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਪ ਵਿਧਾਇਕਾਂ ਨੇ ਕਾਂਗਰਸ ਅਤਰ ਅਕਾਲੀਆਂ ਨੂੰ ਇੱਕੋ ਜਿਹੇ ਕਰਾਰ ਦਿੰਦੇ ਹੋਏ ਦੋਹਾਂ ਵਿਰੁੱਧ ਨਾਰੇਬਾਜੀ ਕੀਤੀ।