ਸਿੱਖ ਫੁੱਟਬਾਲ ਕੱਪ : 8 ਸਾਬਤ ਸੂਰਤ ਟੀਮਾਂ ਕੁਆਰਟਰ ਫਾਈਨਲ ਵਿੱਚ ਦਾਖ਼ਲ
ਕੱਲ੍ਹ 3 ਸਟੇਡੀਅਮਾਂ ‘ਚ ਹੋਣਗੇ ਖਾਲਸਿਆਂ ਦੇ ਭੇੜ | ਸੈਮੀ-ਫਾਈਨਲ ਮੁਕਾਬਲੇ ਹੋਣਗੇ ਜਲੰਧਰ ‘ਚ
ਗਗਨਦੀਪ ਸਿੰਘ ਵਿਰਕ ,ਚੰਡੀਗੜ੍ਹ 3 ਫ਼ਰਵਰੀ: ਖਾਲਸਾ ਫੁੱਟਬਾਲ ਕਲੱਬ (ਖਾਲਸਾ ਐੱਫ.ਸੀ.) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵੱਲੋਂ ਪੰਜਾਬ ਵਿੱਚ ਚੱਲ ਰਹੇ ਪਹਿਲੇ ਸਿੱਖ ਫੁੱਟਬਾਲ ਕੱਪ ਦੇ ਕੁਆਰਟਰ ਫਾਈਨਲ ਵਿੱਚ 8 ਟੀਮਾਂ ਦਾਖਲ ਹੋ ਗਈਆਂ ਹਨ ਅਤੇ ਇਹ 4 ਕੁਆਰਟਰ ਫਾਈਨਲ ਮੈਚ 4 ਫਰਵਰੀ ਨੂੰ ਪੰਜਾਬ ਦੇ ਤਿੰਨ ਵੱਖ-ਵੱਖ ਸਟੇਡੀਅਮਾਂ ਵਿੱਚ ਸਵੇਰੇ 11 ਵਜੇ ਖੇਡੇ ਜਾਣਗੇ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਖਾਲਸਾ ਐੱਫ.ਸੀ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਬਤ-ਸੂਰਤ ਟੀਮਾਂ ਲਈ ਪਹਿਲੀ ਵਾਰ ਹੋ ਰਹੇ ਇਸ ਫੁੱਟਬਾਲ ਕੱਪ ਦੌਰਾਨ ਪੰਜਾਬ ਦੇ 22 ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ਦੀ ਟੀਮ ਫੀਫਾ ਦੇ ਨਿਯਮਾਂ ਅਨੁਸਾਰ ਨਾਕਆਊਟ ਆਧਾਰ ਉਤੇ ਖੇਡ ਰਹੀ ਹੈ। ਕੱਲ 4 ਫ਼ਰਵਰੀ ਨੂੰ ਹੋਣ ਵਾਲੇ ਕੁਆਰਟਰ ਫਾਈਨਲ ਮੈਚਾਂ ਦੌਰਾਨ ਖਾਲਸਾ ਐੱਫ.ਸੀ. ਅੰਮ੍ਰਿਤਸਰ ਦੀ ਟੀਮ ਖਾਲਸਾ ਐੱਫ.ਸੀ. ਗੁਰਦਾਸਪੁਰ ਨਾਲ ਖਾਲਸਾ ਕਾਲਜ ਅੰਮ੍ਰਿਤਸਰ ਦੇ ਗਰਾਊਂਡ ਵਿੱਚ ਭਿੜੇਗੀ। ਖਾਲਸਾ ਐੱਫ.ਸੀ. ਜਲੰਧਰ ਦੀ ਟੀਮ ਖਾਲਸਾ ਐੱਫ.ਸੀ. ਐੱਸਬੀਐੱਸ ਨਗਰ ਨਾਲ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ ਮੈਦਾਨ ਵਿੱਚ ਖੇਡੇਗੀ। ਇਸ ਕੁਆਰਟਰ ਫਾਈਨਲ ਦੇ ਦੋ ਮੈਚ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਹੋਣਗੇ ਜਿੱਥੇ ਖਾਲਸਾ ਐੱਫ.ਸੀ. ਬਠਿੰਡਾ ਦੀ ਟੀਮ ਖਾਲਸਾ ਐੱਫ.ਸੀ. ਬਰਨਾਲਾ ਨਾਲ ਜਦ ਕਿ ਖਾਲਸਾ ਐੱਫ.ਸੀ. ਪਟਿਆਲਾ ਦੀ ਟੀਮ ਖਾਲਸਾ ਐੱਫ.ਸੀ. ਰੂਪਨਗਰ ਨਾਲ ਖੇਡੇਗੀ।
ਇਨ੍ਹਾਂ ਚਾਰ ਕੁਆਰਟਰ ਫਾਈਨਲ ਮੈਚਾਂ ਵਿੱਚੋਂ ਜਿੱਤੀਆਂ ਟੀਮਾਂ ਸੈਮੀਫਾਈਨਲ ਵਿੱਚ ਦਾਖ਼ਲ ਹੋ ਜਾਣਗੀਆਂ ਅਤੇ ਇਹ ਮੁਕਾਬਲੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿੱਚ 6 ਫਰਵਰੀ ਨੂੰ ਸਵੇਰੇ 11 ਵਜੇ ਖੇਡੇ ਜਾਣਗੇ।
ਇਸ ਇਤਿਹਾਸਕ ਸਿੱਖ ਫੁੱਟਬਾਲ ਕੱਪ ਦਾ ਫਾਈਨਲ ਮੈਚ ਅਤੇ ਇਨਾਮ ਵੰਡ ਸਮਾਰੋਹ ਸੈਕਟਰ 42, ਚੰਡੀਗੜ੍ਹ ਦੇ ਸਟੇਡੀਅਮ ਵਿੱਚ 8 ਫਰਵਰੀ ਨੂੰ ਸਵੇਰੇ 11 ਵਜੇ ਹੋਵੇਗਾ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਾਬਤ-ਸੂਰਤ ਟੀਮਾਂ ਨੂੰ ਅਸੀਸ ਦੇਣਗੇ ਅਤੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਪੰਥ ਦੀਆਂ ਹੋਰ ਮਾਇਆਨਾਜ਼ ਹਸਤੀਆਂ ਅਤੇ ਕਈ ਉੱਚ ਅਧਿਕਾਰੀ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ।