SH12A ਸੜਕ ਉੱਤੇ ਲਾਂਡਰਾਂ ਜੰਕਸ਼ਨ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ |
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਚੰਡੀਗੜ੍ਹ – ਲਾਂਡਰਾਂ – ਚੁੰਨੀ – ਸਰਹਿੰਦ ਸੜਕ (ਐਸ ਐਚ 12 ਏ) ਉੱਤੇ ਲਾਂਡਰਾਂ ਜੰਕਸ਼ਨ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ
25.33 ਕਰੋੜ ਰੁਪਏ ਦੀ ਆਵੇਗੀ ਲਾਗਤ
ਜਾਮ ਤੋਂ ਲੋਕਾਂ ਨੂੰ ਮਿਲੇਗੀ ਰਾਹਤ
ਐਸ.ਏ.ਐਸ ਨਗਰ, 10 ਫਰਵਰੀ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਸ. ਬਲਬੀਰ ਸਿੰਘ ਸਿੱਧੂ ਨੇ ਅੱਜ 25.33 ਕਰੋੜ ਰੁਪਏ ਦੀ ਲਾਗਤ ਨਾਲ ਚੰਡੀਗੜ੍ਹ – ਲਾਂਡਰਾਂ – ਚੁੰਨੀ – ਸਰਹਿੰਦ ਸੜਕ (ਐਸ ਐਚ 12 ਏ) ਉੱਤੇ ਲਾਂਡਰਾਂ ਜੰਕਸ਼ਨ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਵੀ ਹਾਜਰ ਸਨ।
ਸ. ਸਿੱਧੂ ਨੇ ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਲਾਂਡਰਾਂ ਰੋਡ ਉਤੇ 45 ਲੱਖ ਰੁਪਏ ਦੀ ਲਾਗਤ ਨਾਲ ਪੇਵਰ ਬਲਾਕ ਲਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਅਤੇ ਹੁਣ ਇਸ ਨਵੀਨੀਕਰਨ ਦੇ ਕੰਮ ਨਾਲ ਪੰਜਾਬ ਦੇ ਵੱਖ ਵੱਖ ਜਿ਼ਲ੍ਹਿਆਂ ਤੋਂ ਚੰਡੀਗੜ੍ਹ ਆਉਣ ਵਾਲੇ ਲੋਕਾਂ ਨੂੰ ਸੌਖ ਹੋਵੇਗੀ ਅਤੇ ਇੱਥੇ ਲਗਦੇ ਜਾਮ ਤੋਂ ਨਿਜ਼ਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਰਸਤੇ ਤੋਂ ਲੋਕ ਜੰਮੂ ਕਸ਼ਮੀਰ ਤੇ ਹਿਮਾਚਲ ਤੱਕ ਜਾਂਦੇ ਹਨ, ਜੋ ਜਾਮ ਕਾਰਨ ਪ੍ਰੇਸ਼ਾਨ ਹੁੰਦੇ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਬੱਸੀ ਪਠਾਣਾਂ ਤੋਂ ਵਿਧਾਇਕ ਸ੍ਰ. ਗੁਰਪ੍ਰੀਤ ਸਿੰਘ ਜੀ ਪੀ, ਸ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਐਸ ਡੀ ਐਮ ਮੋਹਾਲੀ ਸ੍ਰੀ ਜਗਦੀਪ ਸਹਿਗਲ, ਜਿ਼ਲ੍ਹਾ ਪ੍ਰੀਸ਼ਦ ਚੇਅਰਪਰਸਨ ਜਸਵਿੰਦਰ ਕੌਰ ਦੁਰਾਲੀ, ਪਿੰਡ ਲਾਂਡਰਾਂ ਦੇ ਸਰਪੰਚ ਹਰਚਰਨ ਸਿੰਘ ਗਿੱਲ, ਬਲਾਕ ਸਮਿਤੀ ਖਰੜ ਦੀ ਚੇਅਰਪਰਸਨ ਰਣਬੀਰ ਕੌਰ ਬੜੀ, ਵਾਈਸ ਚੇਅਰਮੈਨ ਮਨਜੀਤ ਸਿੰਘ ਤੰਗੌਰੀ ਆਦਿ ਵੀ ਮੌਜੂਦ ਸਨ।